ਭਾਰਤ ਪਾਕ ਸਰਹੱਦ ਤੇ ਸਥਿਤ ਜਲਾਲਾਬਾਦ ਇਲਾਕੇ ਦੇ ਪਿਛੜੇ ਪਰਿਵਾਰਾਂ ਦੀਆਂ ਧੀਆਂ ਨੂੰ ਉਚੇਰੀ ਸਿੱਖਿਆ ਨਾਲ ਜੋੜਨ ਲਈ 2013 ਵਿੱਚ ਸਥਾਪਿਤ ਸਰਕਾਰੀ ਕਾਲਜ (ਲੜਕੀਆਂ), ਜਲਾਲਾਬਾਦ (ਪੱ) ਇੱਕ ਅਮੁੱਲੀ ਵਿਰਾਸਤ ਵਜੋਂ ਸਥਾਪਿਤ ਹੈ। ਪਿਛਲੇ 8 ਸਾਲਾਂ ਤੋਂ ਇਸ ਸੰਸਥਾ ਦੀਆਂ ਮਾਨਯੋਗ ਪ੍ਰਾਪਤੀਆਂ ਹਨ। ਸਮਾਜਿਕ, ਸੱਭਿਆਚਾਰਕ, ਨੈਤਿਕ ਕਦਰਾਂ—ਕੀਮਤਾਂ ਪੱਖੋਂ ਵੀ ਇਸ ਸੰਸਥਾ ਦਾ ਇਲਾਕੇ ਨੂੰ ਭਰਪੂਰ ਯੋਗਦਾਨ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅਧੀਨ ਚੱਲ ਰਹੀ ਇਸ ਸੰਸਥਾ ਤੋਂ ਸਿੱਖਿਆ ਹਾਸਲ ਕਰਕੇ ਇਸ ਇਲਾਕੇ ਦੀਆਂ ਧੀਆਂ ਵੱਖ ਵੱਖ ਖੇਤਰਾਂ ਵਿੱਚ (ਸਰਕਾਰੀ / ਗੈਰ ਸਰਕਾਰੀ) ਚੰਗੇ ਅਹੁਦਿਆਂ ਤੇ ਸੇਵਾਵਾਂ ਦੇ ਕੇ ਇਲਾਕੇ ਦਾ ਨਾਮ ਉੱਚਾ ਕਰ ਰਹੀਆਂ ਹਨ। ਪਿਆਰੇ ਬੱਚਿਓ ! ਸਾਡਾ ਸਭ ਦਾ ਆਪਣਾ ਜੀਵਨ ਉਦੇਸ਼ ਹੁੰਦਾ ਹੈ, ਜਿਸ ਨੂੰ ਪੂਰਾ ਕਰਨ ਲਈ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਸਖਤ ਮਿਹਨਤ ਹੀ ਸਾਨੂੰ ਆਪਣੀ ਮੰਜ਼ਿਲ ਤੇ ਪਹੁੰਚਾ ਸਕਦੀ ਹੈ। ਇਸ ਲਈ ਸਾਨੂੰ ਆਪਣੇ ਵਿਚਾਰ ਉੱਚੇ ਰੱਖਣੇ ਚਾਹੀਦੇ ਹਨ ਅਤੇ ਇਸ ਉਦੇਸ਼ ਦੀ ਪੂਰਤੀ ਲਈ ਸਾਨੂੰ ਉੱਚੇ ਵਿਚਾਰਾਂ ਵਾਲੀਆਂ ਕਿਤਾਬਾਂ ਅਤੇ ਰਸਾਲੇ ਪੜਣੇ ਚਾਹੀਦੇ ਹਨ ਤਾਂ ਜੋ ਸਾਡੇ ਜੀਵਨ ਨੂੰ ਇਕ ਸੁਚੱਜੀ ਸੇਧ ਮਿਲ ਸਕੇ। ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਅਹਿਮ ਪੜਾਅ ਹੈ। ਕਾਲਜ ਵਿੱਚ ਵਿਦਿਆ ਦਾ ਅਸਲ ਉਦੇਸ਼ ਵਿਦਿਆਰਥੀਆਂ ਦੀ ਸ਼ਖਸੀਅਤ ਦੀ ਉਸਾਰੀ ਕਰਕੇ ਉਨ੍ਹਾਂ ਨੂੰ ਇੱਕ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਨਾਉਣਾ ਹੈ। ਇਸ ਨਾਲ ਵਿਦਿਆਰਥੀ ਆਪਣੇ ਪਰਿਵਾਰ, ਭਾਈਚਾਰੇ, ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਕਰਤੱਵਾਂ ਦੀ ਪਾਲਣਾ ਕਰਕੇ ਇੱਕ ਸੁਚੱਜਾ ਜੀਵਨ ਜੀ ਸਕਦੇ ਹਨ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਦੇ ਮਕਸਦ ਨੂੰ ਪੂਰਾ ਕਰਨ ਲਈ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਵਿਦਿਆਰਥੀਆਂ ਦੀ ਸ਼ਖਸ਼ੀਅਤ ਉਸਾਰੀ ਅਧਿਆਪਕਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਹੀ ਹੋ ਸਕਦੀ ਹੈ। ਮੈਨੂੰ ਆਸ ਹੈ ਕਿ ਤੁਸੀਂ ਅਣਥੱਕ ਮਿਹਨਤ, ਲਗਨ ਅਤੇ ਅਧਿਆਪਕਾਂ ਦੇ ਦਰਸਾਏ ਰਸਤੇ ਤੇ ਚੱਲ ਕੇ ਆਪਣੀ ਮੰਜ਼ਿਲ ਤੇ ਪੁੱਜ ਜਾਓਗੇ। ਜਲਾਲਾਬਾਦ ਦੀ ਇਸ ਗੌਰਵਸ਼ਾਲੀ ਸੰਸਥਾ ਦਾ ਹਿੱਸਾ ਬਣਨ ਲਈ ਤੁਹਾਨੂੰ ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਸੰਸਥਾ ਤੇ ਅਧਿਆਪਕਾਂ ਦੀ ਆਨ ਬਾਨ ਅਤੇ ਸ਼ਾਨ ਤੁਹਾਡੀ ਬਦੌਲਤ ਹੀ ਸੰਭਵ ਹੈ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਇਸ ਸੰਸਥਾ ਦੀਆਂ ਉੱਚ ਰਵਾਇਤਾਂ ਦੇ ਵਾਰਸ ਬਣੋਗੇ।